ਤਾਲਿਬਾਨ ਨੇ ਨਵੇਂ ਕਾਨੂੰਨ ਪਾਸ ਕੀਤੇ: ਜਦੋਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਸੱਤਾ ਵਿੱਚ ਆਇਆ ਹੈ, ਇਹ ਸ਼ਰੀਆ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਦੌਰਾਨ ਤਾਲਿਬਾਨ ਸ਼ਾਸਕ ਨੇ ਔਰਤਾਂ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਇਸ ਵਿੱਚ ਔਰਤਾਂ ਦੇ ਚਿਹਰੇ ਸਮੇਤ ਆਪਣੇ ਪੂਰੇ ਸਰੀਰ ਨੂੰ ਢੱਕਣ ਦੇ ਨਾਲ ਜਨਤਕ ਤੌਰ ‘ਤੇ ਗਾਉਣ ਜਾਂ ਉੱਚੀ ਆਵਾਜ਼ ਵਿੱਚ ਪੜ੍ਹਨ ‘ਤੇ ਪਾਬੰਦੀ ਲਗਾਉਣਾ ਸ਼ਾਮਲ ਹੈ।
ਨਿਆਂ ਮੰਤਰਾਲੇ ਦੇ ਬੁਲਾਰੇ ਮੌਲਵੀ ਅਬਦੁਲ ਗ਼ਫਾਰ ਫਾਰੂਕ ਨੇ ਕਿਹਾ ਕਿ ਇਹ ਨਿਯਮ ਤਾਲਿਬਾਨ ਦੇ ਸਰਵਉੱਚ ਅਧਿਆਤਮਕ ਨੇਤਾ ਦੁਆਰਾ 2022 ਵਿੱਚ ਇੱਕ ਆਦੇਸ਼ ਜਾਰੀ ਕਰਕੇ ਲਾਗੂ ਕੀਤੇ ਗਏ ਸਨ। ਹਾਲਾਂਕਿ, ਹੁਣ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਕਾਨੂੰਨ ਵਜੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਵਿਦੇਸ਼ੀ ਸਰਕਾਰਾਂ ਔਰਤਾਂ ‘ਤੇ ਤਾਲਿਬਾਨ ਦੀਆਂ ਪਾਬੰਦੀਆਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਸਖ਼ਤ ਆਲੋਚਨਾ ਕਰ ਰਹੀਆਂ ਹਨ।
ਜਾਣੋ ਤਾਲਿਬਾਨ ਦੇ ਨਵੇਂ ਫ਼ਰਮਾਨ ਵਿੱਚ ਕੀ ਹੁਕਮ ਜਾਰੀ ਕੀਤਾ ਗਿਆ?
ਤਾਲਿਬਾਨ ਵੱਲੋਂ ਜਾਰੀ ਨਵੇਂ ਕਾਨੂੰਨ ਵਿੱਚ ਧਾਰਾ 13 ਔਰਤਾਂ ਨਾਲ ਸਬੰਧਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਔਰਤ ਲਈ ਜਨਤਕ ਤੌਰ ‘ਤੇ ਹਰ ਸਮੇਂ ਆਪਣੇ ਸਰੀਰ ਨੂੰ ਢੱਕਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੂਜਿਆਂ ਨੂੰ ਲੁਭਾਉਣ ਤੋਂ ਬਚਣ ਲਈ ਚਿਹਰੇ ਨੂੰ ਢੱਕਣਾ ਵੀ ਜ਼ਰੂਰੀ ਹੈ। ਹੁਕਮ ਵਿੱਚ ਸਾਫ਼ ਲਿਖਿਆ ਹੈ ਕਿ ਔਰਤ ਦੇ ਕੱਪੜੇ ਪਤਲੇ, ਤੰਗ ਜਾਂ ਛੋਟੇ ਨਹੀਂ ਹੋਣੇ ਚਾਹੀਦੇ। ਔਰਤਾਂ ਨੂੰ ਗੈਰ-ਮੁਸਲਿਮ ਮਰਦਾਂ ਅਤੇ ਔਰਤਾਂ ਦੇ ਸਾਹਮਣੇ ਆਪਣੇ ਆਪ ਨੂੰ ਢੱਕਣ ਦੀ ਵੀ ਸਲਾਹ ਦਿੱਤੀ ਗਈ ਹੈ।
ਜਾਣੋ ਹੁਕਮ ਨਾ ਮੰਨਣ ਦੀ ਸਜ਼ਾ ਕੀ ਹੈ?
ਨਿਆਂ ਮੰਤਰਾਲੇ ਨੇ ਕਿਹਾ, ਨਵੇਂ ਕਾਨੂੰਨ ਵਿੱਚ ਕਈ ਪਾਬੰਦੀਆਂ ਹਨ। ਜਿਸ ਵਿਚ ਔਰਤਾਂ ਦੇ ਜਨਤਕ ਤੌਰ ‘ਤੇ ਉੱਚੀ ਆਵਾਜ਼ ਵਿਚ ਗਾਉਣ ਜਾਂ ਪੜ੍ਹਨ ‘ਤੇ ਵੀ ਪਾਬੰਦੀ ਹੈ। ਔਰਤਾਂ ਨੂੰ ਉਨ੍ਹਾਂ ਮਰਦਾਂ ਨੂੰ ਦੇਖਣ ਤੋਂ ਵੀ ਵਰਜਿਆ ਗਿਆ ਹੈ। ਜਿਨ੍ਹਾਂ ਨਾਲ ਉਨ੍ਹਾਂ ਦਾ ਖੂਨ ਦੇ ਰਿਸ਼ਤੇ ਜਾਂ ਵਿਆਹ ਦਾ ਕੋਈ ਸਬੰਧ ਨਹੀਂ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਲਈ ਜੁਰਮਾਨੇ ਵਿੱਚ ਸਲਾਹ, ਚੇਤਾਵਨੀ, ਜਾਇਦਾਦ ਜ਼ਬਤ ਕਰਨਾ, 1 ਘੰਟੇ ਤੋਂ 3 ਦਿਨਾਂ ਲਈ ਜਨਤਕ ਜੇਲ੍ਹ ਵਿੱਚ ਨਜ਼ਰਬੰਦੀ ਅਤੇ ਉਚਿਤ ਸਮਝੀ ਜਾਣ ਵਾਲੀ ਕੋਈ ਹੋਰ ਸਜ਼ਾ ਸ਼ਾਮਲ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸੁਧਾਰ ਨਹੀਂ ਕਰਦਾ ਤਾਂ ਉਸ ਨੂੰ ਅਦਾਲਤ ਵਿਚ ਲਿਜਾਇਆ ਜਾਵੇਗਾ।