ਗੌਰਵ ਗੋਗੋਈ ਲੋਕ ਸਭਾ ‘ਚ ਕਾਂਗਰਸ ਦੇ ਉਪ ਨੇਤਾ ਬਣੇ ਲੋਕ ਸਭਾ ਵਿੱਚ ਕਾਂਗਰਸ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਗੌਰਵ ਗੋਗੋਈ ਨੂੰ ਲੋਕ ਸਭਾ ‘ਚ ਕਾਂਗਰਸ ਦਾ ਉਪ ਨੇਤਾ ਬਣਾਇਆ ਗਿਆ ਹੈ। ਰਾਹੁਲ ਗਾਂਧੀ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਹਨ। ਗੌਰਵ ਗੋਗੋਈ ਪਿਛਲੀ ਲੋਕ ਸਭਾ ਵਿੱਚ ਵੀ ਕਾਂਗਰਸ ਪਾਰਟੀ ਦੇ ਉਪ ਨੇਤਾ ਸਨ।
ਇਸ ਤੋਂ ਇਲਾਵਾ ਕੇ ਸੁਰੇਸ਼ ਨੂੰ ਚੀਫ਼ ਵ੍ਹਿਪ ਅਤੇ ਮਾਨਿਕਮ ਟੈਗੋਰ, ਮੁਹੰਮਦ ਜਾਵੇਦ ਨੂੰ ਵ੍ਹਿਪ ਬਣਾਇਆ ਗਿਆ ਹੈ | ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਨਵੀਂ ਨਿਯੁਕਤੀਆਂ ਬਾਰੇ ਲੋਕ ਸਭਾ ਸਪੀਕਰ ਨੂੰ ਜਾਣਕਾਰੀ ਦਿੱਤੀ।
ਜਾਣੋ ਕੌਣ ਹੈ ਗੌਰਵ ਗੋਗੋਈ
ਗੌਰਵ ਗੋਗੋਈ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਹਨ। ਉਹ ਇਸ ਤੋਂ ਪਹਿਲਾਂ 2020 ਤੋਂ ਲੋਕ ਸਭਾ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਪ ਨੇਤਾ ਦੇ ਅਹੁਦੇ ‘ਤੇ ਰਹੇ ਸਨ। ਇਸ ਵਾਰ ਜੋਰਹਾਟ ਸੀਟ ਤੋਂ ਕਾਂਗਰਸ ਦੇ ਗੌਰਵ ਗੋਗੋਈ ਨੇ ਭਾਜਪਾ ਦੇ ਤਪਨ ਕੁਮਾਰ ਗੋਗੋਈ ਨੂੰ 144393 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ।