ਭਾਰਤ ਚੀਨ ਸਰਹੱਦੀ ਵਿਵਾਦ: ਚੀਨ ਇਕ ਵਾਰ ਫਿਰ ਵਿਸਤਾਰਵਾਦ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੀਤੀ ਕਾਰਨ ਭਾਰਤ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਣ ਵਾਲੀਆਂ ਹਨ। ਰਿਪੋਰਟਾਂ ਮੁਤਾਬਕ ਚੀਨੀ ਫੌਜ ਡੇਪਸਾਂਗ ਮੈਦਾਨੀ ਖੇਤਰ ‘ਚ ਭਾਰਤੀ ਸਰਹੱਦ ਦੇ ਅੰਦਰ ਆਪਣੇ ਕਬਜ਼ੇ ਵਾਲੇ ਖੇਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਚੀਨ ਨੇ ਹਾਲ ਹੀ ‘ਚ ਪੂਰਬੀ ਲੱਦਾਖ ‘ਚ ਕਈ ਕਬਜ਼ੇ ਵਾਲੇ ਸਥਾਨਾਂ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਇਸ ਸਬੰਧੀ ਰਿਪੋਰਟ ‘ਦ ਟੈਲੀਗ੍ਰਾਫ ਇੰਡੀਆ’ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਜੁੜੇ ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਚੀਨੀ ਫੌਜ ਨੇ ਡੇਪਸਾਂਗ ਮੈਦਾਨਾਂ ਵਿੱਚ ਭਾਰਤ ਵੱਲੋਂ ਦਾਅਵਾ ਕੀਤੀ ਸਰਹੱਦ ਵਿੱਚ ਵਿਕਾਸ ਪ੍ਰੋਜੈਕਟਾਂ ਵਿੱਚ ਵਾਧਾ ਕੀਤਾ ਹੈ।
ਚੀਨ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ
ਇਸ ਬਾਰੇ ਅਧਿਕਾਰੀ ਨੇ ਕਿਹਾ, ‘ਚੀਨ ਹੋਰ ਕਬਜ਼ੇ ਵਾਲੇ ਸਥਾਨਾਂ ‘ਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਡੇਪਸਾਂਗ ਦੇ ਮੈਦਾਨਾਂ ਵਿੱਚ ਵਾਧੂ ਹਾਈਵੇਅ ਅਤੇ ਸੜਕਾਂ ਬਣਾ ਰਹੀ ਹੈ। ਇਸ ਤੋਂ ਇਲਾਵਾ ਚੀਨ ਨੇ ਪੂਰਬੀ ਲੱਦਾਖ ਵਿੱਚ ਭਾਰਤ ਦੁਆਰਾ ਦਾਅਵਾ ਕੀਤੀ ਸਰਹੱਦ ਦੇ ਅੰਦਰ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ‘ਤੇ ਤੇਜ਼ੀ ਨਾਲ ਫੌਜੀ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ 2020 ਤੋਂ ਜਾਰੀ ਸਰਹੱਦੀ ਤਣਾਅ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਜਿਸ ਕਾਰਨ ਭਾਰਤੀ ਫੌਜ ਨੇ ਪਹਾੜੀ ਇਲਾਕਿਆਂ ਵਿੱਚ ਆਪਣੀਆਂ ਫੌਜੀ ਚੌਕੀਆਂ ਵਧਾ ਦਿੱਤੀਆਂ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਿਆ ਜਾ ਸਕੇ।
ਦੱਸ ਦਈਏ ਕਿ ਚੀਨ ਨੇ ਡਿਪਸਾਂਗ ਦੇ ਮੈਦਾਨੀ ਖੇਤਰ ‘ਚ ਕਬਜ਼ੇ ਵਾਲੇ ਖੇਤਰ ਤੋਂ ਆਪਣੀਆਂ ਫੌਜਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗਲਵਾਨ ਘਾਟੀ, ਪੈਂਗੌਂਗ ਝੀਲ, ਹਾਟ ਸਪ੍ਰਿੰਗਜ਼ ਅਤੇ ਗੋਗਰਾ ਤੋਂ ਅੰਸ਼ਕ ਫੌਜਾਂ ਨੂੰ ਵਾਪਸ ਬੁਲਾਉਣ ‘ਤੇ ਸਹਿਮਤੀ ਬਣੀ ਹੈ। ਸਮਝੌਤੇ ਅਨੁਸਾਰ ਦੋਵੇਂ ਫ਼ੌਜਾਂ ਬਰਾਬਰ ਦੂਰੀ ਬਣਾ ਕੇ ਬਫ਼ਰ ਜ਼ੋਨ ਬਣਾ ਕੇ ਪਿੱਛੇ ਹਟ ਗਈਆਂ ਹਨ।