ਪਾਕਿਸਤਾਨ-ਅਫਗਾਨਿਸਤਾਨ ਬਾਰਡਰ: ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਬੀਤੀ ਰਾਤ ਭਾਰੀ ਗੋਲੀਬਾਰੀ ਹੋਈ। ਅਫਗਾਨਿਸਤਾਨ ਦੇ ਖਾਮਾ ਪ੍ਰੈੱਸ ਨੇ ਦੱਸਿਆ ਕਿ ਗੋਲੀਬਾਰੀ ਬੁੱਧਵਾਰ ਸ਼ਾਮ ਕਰੀਬ 7 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ। ਗੋਲੀਬਾਰੀ ਖੋਸਤ ਸੂਬੇ ਦੇ ਜਾਜ਼ੀ ਮੈਦਾਨ ਜ਼ਿਲ੍ਹੇ ‘ਚ ਕਾਲਪਨਿਕ ਡੂਰੰਡ ਲਾਈਨ ‘ਤੇ ਹੋਈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਹਥਿਆਰਾਂ ਦੀ ਵਰਤੋਂ ਦੀ ਵੀ ਖ਼ਬਰ ਹੈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਅਫਗਾਨ ਫੌਜੀ ਸਰਹੱਦੀ ਖੇਤਰਾਂ ‘ਚ ਨਵੀਆਂ ਚੌਕੀਆਂ ਬਣਾ ਰਹੇ ਹਨ, ਜਿਸ ਕਾਰਨ ਇਹ ਝੜਪ ਸ਼ੁਰੂ ਹੋਈ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਖਾਮਾ ਪ੍ਰੈੱਸ ਨੇ ਸਥਾਨਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਅਫਗਾਨ ਫੌਜੀ ਪਿਛਲੇ ਤਿੰਨ ਦਿਨਾਂ ਤੋਂ ਡੂਰੰਡ ਲਾਈਨ ਦੇ ਨੇੜੇ ਚੌਕੀਆਂ ਬਣਾ ਰਹੇ ਹਨ। ਦੂਜੇ ਪਾਸੇ ਮਹਾਜ ਨਿਊਜ਼ ਨੇ ਸਥਾਨਕ ਅਤੇ ਅਫਗਾਨ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਦੇਰ ਰਾਤ ਤੱਕ ਗੋਲੀਬਾਰੀ ਰੁਕ ਗਈ ਸੀ। ਪਾਕਿਸਤਾਨ ਵਾਲੇ ਪਾਸੇ ਦੇ ਸਥਾਨਕ ਲੋਕਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਦੋਵਾਂ ਪਾਸਿਆਂ ਦੇ ਕਈ ਲੋਕ ਮਾਰੇ ਜਾ ਸਕਦੇ ਹਨ। ਫਿਲਹਾਲ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਦੇ ਅੰਕੜੇ ਅਜੇ ਸਾਹਮਣੇ ਨਹੀਂ ਆਏ ਹਨ।
ਅਫਗਾਨਿਸਤਾਨ ਡੁਰੰਡ ਨੂੰ ਆਪਣੀ ਸਰਹੱਦ ਨਹੀਂ ਮੰਨਦਾ
ਦਰਅਸਲ, ਇੱਕ ਕਾਲਪਨਿਕ ਡੂਰੰਡ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਵੱਖ ਕਰਦੀ ਹੈ, ਪਰ ਅਫਗਾਨਿਸਤਾਨ ਦੀ ਕਿਸੇ ਵੀ ਸਰਕਾਰ ਨੇ ਇਸ ਲਾਈਨ ਨੂੰ ਅਸਲ ਸਰਹੱਦ ਵਜੋਂ ਮਾਨਤਾ ਨਹੀਂ ਦਿੱਤੀ ਹੈ। ਇਸ ਕਾਰਨ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਹੁੰਦੇ ਰਹਿੰਦੇ ਹਨ। ਸਾਲ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਪਾਕਿਸਤਾਨ ਨੂੰ ਉਮੀਦ ਸੀ ਕਿ ਸਰਹੱਦੀ ਵਿਵਾਦ ਖਤਮ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਤਾਲਿਬਾਨ ਸਰਕਾਰ ਦੇ ਅਧੀਨ ਸਰਹੱਦੀ ਵਿਵਾਦ ਵਧਿਆ
ਸੱਤਾ ‘ਚ ਆਉਣ ਤੋਂ ਬਾਅਦ ਤਾਲਿਬਾਨ ਨੇ ਨਾ ਸਿਰਫ ਸਰਹੱਦੀ ਵਿਵਾਦ ‘ਤੇ ਪਹਿਲਾਂ ਵਾਲਾ ਰੁਖ ਅਪਣਾਇਆ ਸਗੋਂ ਸਰਹੱਦੀ ਇਲਾਕਿਆਂ ‘ਤੇ ਆਪਣਾ ਦਾਅਵਾ ਵੀ ਕਰਨਾ ਸ਼ੁਰੂ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਚੌਕੀਆਂ ਦਾ ਨਿਰਮਾਣ ਇਸੇ ਦਾਅਵੇ ਦਾ ਹੀ ਵਿਸਥਾਰ ਹੈ। ਤਾਲਿਬਾਨ ਬਲਾਂ ਨੇ ਵੀ ਪਾਕਿਸਤਾਨ ਵੱਲੋਂ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦਾ ਵਿਰੋਧ ਕੀਤਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ: ਜਾਰਜੀਆ ਦੇ ਅਪਲਾਚੀ ਹਾਈ ਸਕੂਲ ‘ਚ ਗੋਲੀਬਾਰੀ, 4 ਦੀ ਮੌਤ, 30 ਜ਼ਖਮੀ; ਪੁਲਿਸ ਜਾਂਚ ਕਰ ਰਹੀ ਹੈ