ਸੁਪਰੀਮ ਕੋਰਟ ਨੇ ਸੰਭਲ ਵਿੱਚ ਸ਼ਾਹੀ ਜਾਮਾ ਮਸਜਿਦ ਨੇੜੇ ਖੂਹ ਨੂੰ ਹਰੀ ਮੰਦਰ ਦਾ ਖੂਹ ਕਹਿਣ ਵਾਲੀ ਨਗਰਪਾਲਿਕਾ ਦੇ ਨੋਟੀਫਿਕੇਸ਼ਨ ’ਤੇ ਰੋਕ ਲਾ ਦਿੱਤੀ ਹੈ। ਮਸਜਿਦ ਕਮੇਟੀ ਨੇ ਇਸ ਮਾਮਲੇ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੀ ਮੰਗ ਕੀਤੀ ਸੀ। ਕਮੇਟੀ ਨੇ ਕਿਹਾ ਕਿ ਖੂਹ ਪੁੱਟ ਕੇ ਉਸ ਨੂੰ ਮੰਦਰ ਵਾਲਾ ਖੂਹ ਕਹਿ ਕੇ ਉਥੇ ਪੂਜਾ ਸ਼ੁਰੂ ਕਰ ਦਿੱਤੀ ਜਾਵੇਗੀ। ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸਥਿਤੀ ਰਿਪੋਰਟ ਮੰਗੀ ਹੈ ਅਤੇ ਅਗਲੀ ਸੁਣਵਾਈ 21 ਫਰਵਰੀ ਨੂੰ ਕਰਨ ਲਈ ਕਿਹਾ ਹੈ।
ਸੰਭਲ ਮਸਜਿਦ ‘ਤੇ ਸੁਪਰੀਮ ਕੋਰਟ: ਸੁਣਵਾਈ ਦੌਰਾਨ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਸਪੱਸ਼ਟ ਕੀਤਾ ਕਿ ਖੂਹ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ। ਇਸ ‘ਤੇ ਕੋਈ ਪਾਬੰਦੀ ਨਹੀਂ ਹੈ। ਦਰਅਸਲ, ਮਸਜਿਦ ਵਾਲੇ ਪਾਸੇ ਦੇ ਵਕੀਲ ਇਸ ਨੂੰ ਸਿਰਫ਼ ਮਸਜਿਦ ਦਾ ਖੂਹ ਦੱਸ ਰਹੇ ਸਨ ਅਤੇ ਉੱਥੇ ਕਿਸੇ ਹੋਰ ਗਤੀਵਿਧੀ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਸਨ। ਪਰ ਅਦਾਲਤ ਨੇ ਕਿਹਾ ਕਿ ਇਹ ਜਨਤਕ ਥਾਂ ‘ਤੇ ਬਣਿਆ ਖੂਹ ਹੈ। ਮਸਜਿਦ ਤੋਂ ਇਲਾਵਾ ਹੋਰ ਲੋਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ।
ਖੂਹ ਜਨਤਕ ਜ਼ਮੀਨ ‘ਤੇ ਹੈ – ਯੂਪੀ ਸਰਕਾਰ
ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਕੇਐਮ ਨਟਰਾਜ ਨੇ ਕਿਹਾ ਕਿ ਇਹ ਖੂਹ ਜਨਤਕ ਜ਼ਮੀਨ ’ਤੇ ਹੈ। ਮਸਜਿਦ ਵਾਲੇ ਪਾਸੇ ਦੇ ਵਕੀਲ ਨੇ ਕਿਹਾ ਕਿ ਅੱਧਾ ਖੂਹ ਮਸਜਿਦ ਦੇ ਅੰਦਰ ਹੈ, ਅੱਧਾ ਬਾਹਰ। ਅਦਾਲਤ ਨੇ ਫਿਲਹਾਲ ਖੂਹ ਬਾਰੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਦਾ ਹੁਕਮ ਸਿਰਫ਼ ਇੱਕ ਖੂਹ ਤੱਕ ਸੀਮਤ ਹੈ ਜੋ ਮਸਜਿਦ ਦੇ ਪ੍ਰਵੇਸ਼ ਦੁਆਰ ਦੇ ਕੋਲ ਹੈ। ਸੰਭਲ ਵਿੱਚ ਪ੍ਰਸ਼ਾਸਨ ਵੱਲੋਂ ਖੁਦਾਈ ਕੀਤੇ ਜਾਣ ਵਾਲੇ ਹੋਰ ਖੂਹਾਂ ਅਤੇ ਪੌੜੀਆਂ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਦੱਸਿਆ ਕਿ 2006 ਤੱਕ ਹਿੰਦੂ ਉਸ ਖੂਹ ਵਿੱਚ ਪੂਜਾ ਕਰਦੇ ਸਨ। ਇਲਾਕੇ ਵਿੱਚ ਇੱਕ ਫਿਰਕੇ ਦੀ ਗਿਣਤੀ ਵਧਣ ਕਾਰਨ ਹਿੰਦੂਆਂ ਨੇ ਉੱਥੇ ਜਾਣਾ ਬੰਦ ਕਰ ਦਿੱਤਾ। ਹੁਣ ਇਸ ਨੂੰ ਮਸਜਿਦ ਦਾ ਖੂਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਅਗਲੀ ਸੁਣਵਾਈ ਦੌਰਾਨ ਇਸ ਸਬੰਧੀ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ।