ਅਯਾਤੁੱਲਾ ਅਲੀ ਖਮੇਨੀ: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਭਾਰਤ ਦੇ ਮੁਸਲਮਾਨਾਂ ਦੀ ਤੁਲਨਾ ਫਲਸਤੀਨ ਅਤੇ ਮਿਆਂਮਾਰ ਨਾਲ ਕੀਤੀ ਹੈ, ਜਿਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਰਾਰਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਸ ਟਿੱਪਣੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਵਿਰੁੱਧ ਬੋਲਣ ਵਾਲੇ ਮੁਲਕਾਂ ਨੂੰ ਪਹਿਲਾਂ ਆਪਣੇ ਵਿਹੜੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ। ਭਾਰਤ ਦਾ ਇਸ਼ਾਰਾ ਈਰਾਨ ਦੇ ਸੁੰਨੀ ਮੁਸਲਮਾਨਾਂ ਵੱਲ ਸੀ, ਜਿਨ੍ਹਾਂ ਨੂੰ ਈਰਾਨ ਸਾਲਾਂ ਤੋਂ ਤਸੀਹੇ ਦੇ ਰਿਹਾ ਹੈ। ਹੁਣ ਮਾਹਿਰਾਂ ਨੇ ਖਮੇਨੀ ਦੀ ਟਿੱਪਣੀ ਦਾ ਕਾਰਨ ਦੱਸਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਭਾਰਤ ਦਾ ਰੁਖ ਇਜ਼ਰਾਈਲ ਵੱਲ ਹੈ, ਇਸ ਦੇ ਨਾਲ ਹੀ ਭਾਰਤ ਈਰਾਨ ਨਾਲ ਤੇਲ ਦੀ ਦਰਾਮਦ ਵਿੱਚ ਦੇਰੀ ਕਰ ਰਿਹਾ ਹੈ। ਇਸ ਕਾਰਨ ਈਰਾਨੀ ਨੇਤਾ ਭਾਰਤ ਤੋਂ ਨਾਰਾਜ਼ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਦੇ ਨੇਤਾ ਅਜਿਹੀਆਂ ਟਿੱਪਣੀਆਂ ਕਰਕੇ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਤੇਲ ਨਾ ਖਰੀਦਣ ‘ਤੇ ਖਮੇਨੀ ਨੂੰ ਗੁੱਸਾ ਆਇਆ
ਅਲੀ ਖਮੇਨੀ ਨੇ ਚੀਨ ਵਿੱਚ ਉਈਗਰ ਮੁਸਲਮਾਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਗਾਜ਼ਾ ਬਾਰੇ ਭਾਰਤ ਦੇ ਹਾਲੀਆ ਬਿਆਨਾਂ ਵੱਲ ਧਿਆਨ ਦਿੱਤਾ। ਦੂਜੇ ਪਾਸੇ ਅਮਰੀਕੀ ਪਾਬੰਦੀਆਂ ਕਾਰਨ ਭਾਰਤ ਈਰਾਨ ਤੋਂ ਕੱਚਾ ਤੇਲ ਨਹੀਂ ਖਰੀਦ ਰਿਹਾ ਹੈ। ਇਸ ਸਾਲ ਈਰਾਨ ਤੋਂ ਤੇਲ ਦਰਾਮਦ ਕਰਨ ਦੀ ਯੋਜਨਾ ਪੱਛਮੀ ਏਸ਼ੀਆ ‘ਚ ਤਣਾਅ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਦੇ ਸਾਲਾਂ ‘ਚ ਭਾਰਤ ਅਤੇ ਈਰਾਨ ਦੇ ਸਬੰਧ ਮਜ਼ਬੂਤ ਹੋਏ ਹਨ ਪਰ ਤੇਲ ਦਰਾਮਦ ‘ਚ ਦੇਰੀ ਅਤੇ ਗਾਜ਼ਾ ਯੁੱਧ ‘ਚ ਇਜ਼ਰਾਈਲ ਦਾ ਸਮਰਥਨ ਕਰਨ ‘ਤੇ ਖਮੇਨੀ ਨਾਰਾਜ਼ ਹਨ।
ਭਾਰਤ ਅਤੇ ਈਰਾਨ ਵਿਚਕਾਰ ਦੁਵੱਲੇ ਵਪਾਰ ਵਿੱਚ ਕਮੀ
ਵਿਦੇਸ਼ ਮੰਤਰਾਲੇ ਦੇ ਇੱਕ ਨੋਟ ਦੇ ਅਨੁਸਾਰ, ਵਿੱਤੀ ਸਾਲ 2022-2023 ਵਿੱਚ ਭਾਰਤ ਅਤੇ ਈਰਾਨ ਦਰਮਿਆਨ ਦੁਵੱਲਾ ਵਪਾਰ 2.33 ਬਿਲੀਅਨ ਡਾਲਰ ਦਾ ਸੀ, ਜੋ ਸਾਲਾਨਾ ਅਧਾਰ ‘ਤੇ 21.76 ਪ੍ਰਤੀਸ਼ਤ ਦੀ ਵਾਧਾ ਦਰਜ ਕਰਦਾ ਹੈ। ਇਸ ਦੇ ਨਾਲ ਹੀ ਅਪ੍ਰੈਲ 2023 ਤੋਂ ਜੁਲਾਈ 2023 ਦਰਮਿਆਨ ਦੋਵਾਂ ਦੇਸ਼ਾਂ ਵਿਚਾਲੇ 660.70 ਮਿਲੀਅਨ ਡਾਲਰ ਦਾ ਵਪਾਰ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਦੌਰਾਨ 23.32 ਫੀਸਦੀ ਘੱਟ ਕਾਰੋਬਾਰ ਹੋਇਆ ਹੈ।