ਅਦਾਲਤ ਨੇ ਬੰਗਲਾਦੇਸ਼ੀ ਨਾਗਰਿਕ ਨੂੰ ਸੁਣਾਈ ਸਜ਼ਾ: ਬੈਂਗਲੁਰੂ, 30 ਦਸੰਬਰ (ਮਪ) ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ (30 ਦਸੰਬਰ) ਨੂੰ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਇਕ ਬੰਗਲਾਦੇਸ਼ੀ ਨਾਗਰਿਕ ਨੂੰ 7 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕ ਜਾਹਿਦੁਲ ਇਸਲਾਮ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਇੰਡੀਆ (ਜੇ.ਐੱਮ.ਬੀ.-ਇੰਡੀਆ) ਦੇ ਇਸ਼ਾਰੇ ‘ਤੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ।
57000 ਰੁਪਏ ਜੁਰਮਾਨਾ ਲਗਾਇਆ ਗਿਆ
ਐਨਆਈਏ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜ਼ਾਹਿਦੁਲ ਇਸਲਾਮ ਉਰਫ਼ ਕੌਸਰ ‘ਤੇ ਲੁੱਟ-ਖੋਹ, ਸਾਜ਼ਿਸ਼ ਰਚਣ ਅਤੇ ਪੈਸੇ ਦੀ ਜਬਰੀ ਵਸੂਲੀ ਦੇ ਨਾਲ-ਨਾਲ ਗੋਲਾ-ਬਾਰੂਦ ਦੀ ਖਰੀਦ ਨਾਲ ਜੁੜੇ ਮਾਮਲਿਆਂ ‘ਚ 57,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਇਸ ਦੇ ਨਾਲ ਇਨ੍ਹਾਂ ਮਾਮਲਿਆਂ ਵਿੱਚ ਕੁੱਲ 11 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਐਨਆਈਏ ਨੇ ਕਿਹਾ ਕਿ ਉਹ ਅਤੇ ਉਸਦੇ ਸਾਥੀ ਅਕਤੂਬਰ 2014 ਵਿੱਚ ਬਰਦਵਾਨ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਸ਼ਾਮਲ ਸਨ।
ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਇਆ ਸੀ
ਐਨਆਈਏ ਦੀ ਜਾਂਚ ਮੁਤਾਬਕ ਜ਼ਾਹਿਦੁਲ ਇਸਲਾਮ ਅਤੇ ਸਲਾਉਦੀਨ ਸਲੇਹੀਨ 2014 ਵਿੱਚ ਬੰਗਲਾਦੇਸ਼ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਕੇ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਏ ਸਨ। ਇਸ ਦੌਰਾਨ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਅਕਤੂਬਰ 2014 ਦੇ ਬਰਦਵਾਨ ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਇਸ ਧਮਾਕੇ ਤੋਂ ਬਾਅਦ, ਜਾਹਿਦੁਲ ਅਤੇ ਉਸਦੇ ਸਾਥੀ ਬੇਂਗਲੁਰੂ ਭੱਜ ਗਏ, ਜਿੱਥੇ ਉਨ੍ਹਾਂ ਨੇ ਜੇਐਮਬੀ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਪੱਛਮੀ ਬੰਗਾਲ ਅਤੇ ਅਸਾਮ ਦੇ ਨਿਰਦੋਸ਼ ਮੁਸਲਿਮ ਨੌਜਵਾਨਾਂ ਨੂੰ ਕੱਟੜਪੰਥੀ ਬਣਾਇਆ। ਐਨਆਈਏ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜਨਵਰੀ 2018 ਵਿੱਚ ਬੋਧਗਯਾ ਵਿੱਚ ਹੋਏ ਧਮਾਕੇ ਪਿੱਛੇ ਵੀ ਜ਼ਾਹਿਦੁਲ ਇਸਲਾਮ ਅਤੇ ਉਸਦੇ ਸਾਥੀਆਂ ਦਾ ਹੱਥ ਸੀ।
ਲੁੱਟ ਰਾਹੀਂ ਪੈਸਾ ਇਕੱਠਾ ਕਰਨ ਦੀ ਸਾਜ਼ਿਸ਼
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਾਹਿਦੁਲ ਨੇ ਜੇਐਮਬੀ ਦੇ ਅਤਿਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਡਕੈਤੀ ਰਾਹੀਂ ਪੈਸਾ ਇਕੱਠਾ ਕਰਨ ਦੀ ਸਾਜ਼ਿਸ਼ ਰਚੀ ਸੀ। 2018 ਵਿੱਚ, ਉਸਨੇ ਬੈਂਗਲੁਰੂ ਵਿੱਚ ਚਾਰ ਡਕੈਤੀਆਂ ਵੀ ਕੀਤੀਆਂ। ਉਨ੍ਹਾਂ ਨੇ ਇਸ ਲੁੱਟ ਦੀ ਰਕਮ ਨੂੰ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤਿਆ ਸੀ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।