ਸੋਪੋਰ ਧਮਾਕਾ: ਜੰਮੂ-ਕਸ਼ਮੀਰ ਦੇ ਸੋਪੋਰ ‘ਚ ਸੋਮਵਾਰ ਦੁਪਹਿਰ ਨੂੰ ਰਹੱਸਮਈ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਕਬਾੜ ਦੀ ਦੁਕਾਨ ਵਿੱਚ ਹੋਇਆ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ, ਜੋ ਧਮਾਕੇ ਦੇ ਸਮੇਂ ਕਬਾੜ ਉਤਾਰਨ ਵਿੱਚ ਮਦਦ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸੋਪੋਰ ਦੀ ਸ਼ਾਇਰ ਕਲੋਨੀ ‘ਚ ਹੋਇਆ, ਜਿਸ ‘ਚ ਚਾਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ‘ਚ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਇਨ੍ਹਾਂ ਵਿੱਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਇੱਕ ਹੋਰ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਵਿਸ਼ੇਸ਼ ਇਲਾਜ ਲਈ SKIMS ਸੌਰਾ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਸ਼ਾਇਰ ਕਲੋਨੀ ਵਾਸੀ ਨਜ਼ੀਰ ਅਹਿਮਦ ਨਾਦਰੂ, ਆਜ਼ਮ ਅਸ਼ਰਫ ਮੀਰ, ਆਦਿਲ ਰਸ਼ੀਦ ਭੱਟ ਅਤੇ ਅਬਦੁਲ ਰਸ਼ੀਦ ਭੱਟ ਵਾਸੀ ਸ਼ਾਇਰ ਕਲੋਨੀ ਵਜੋਂ ਕੀਤੀ ਹੈ। ਉਧਰ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਾਕੇ ਤੋਂ ਬਾਅਦ FSL ਦੀ ਟੀਮ ਮੌਕੇ ‘ਤੇ ਪਹੁੰਚ ਗਈ
ਇਸ ਧਮਾਕੇ ਦੀ ਜਾਣਕਾਰੀ ਦਿੰਦੇ ਹੋਏ ਸੋਪੋਰ ਦੇ ਐਸਐਸਪੀ ਦਿਵਿਆ ਡੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ ਇੱਕ ਕਬਾੜ ਦੀ ਦੁਕਾਨ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਸੋਪੋਰ ਨੇ ਦੱਸਿਆ ਕਿ ਹੁਣ ਤੱਕ ਇਸ ਧਮਾਕੇ ਵਿੱਚ 4 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਪੁਲੀਸ ਨੇ ਜਾਂਚ ਲਈ ਐਫਐਸਐਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਹੈ।
ਸੋਪੋਰ ਉੱਤਰੀ ਕਸ਼ਮੀਰ ਦਾ ਉਹ ਹਿੱਸਾ ਹੈ, ਜਿੱਥੇ ਵੱਖਵਾਦੀ ਨੇਤਾ ਸਈਦ ਅਲੀ ਜਿਲਾਨੀ ਦੀ ਮਜ਼ਬੂਤ ਪਕੜ ਸੀ। ਕਸ਼ਮੀਰ ਘਾਟੀ ਦਾ ਇਹ ਇਲਾਕਾ ਵੱਖਵਾਦੀ ਪ੍ਰਦਰਸ਼ਨਾਂ ਦੌਰਾਨ ਕਈ ਵਾਰ ਸੜਦਾ ਰਿਹਾ ਹੈ। ਹਾਲਾਂਕਿ ਇੱਥੇ ਲੰਬੇ ਸਮੇਂ ਤੋਂ ਸ਼ਾਂਤੀ ਬਣੀ ਹੋਈ ਹੈ ਅਤੇ ਅੱਤਵਾਦੀ ਗਤੀਵਿਧੀਆਂ ਵੀ ਘੱਟ ਹੋਈਆਂ ਹਨ। ਫਿਲਹਾਲ ਸੋਮਵਾਰ ਨੂੰ ਹੋਏ ਇਸ ਧਮਾਕੇ ਦਾ ਕੋਈ ਅੱਤਵਾਦੀ ਸੰਬੰਧ ਸਾਹਮਣੇ ਨਹੀਂ ਆਇਆ ਹੈ ਪਰ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।