ਕੁਪਵਾੜਾ ਵਿੱਚ ਐਨਕਾਊਂਟਰ: ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਵੀਰਵਾਰ (18 ਜੁਲਾਈ) ਨੂੰ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਚਿਨਾਰ ਕੋਰ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤੀ ਹੈ। ਚਿਨਾਰ ਕੋਰ ਨੇ ਲਿਖਿਆ, ‘ਕੁਪਵਾੜਾ ਦੇ ਕੇਰਨ ਸੈਕਟਰ ‘ਚ ਵੀਰਵਾਰ ਨੂੰ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੇ ਨਾਲ ਹੀ ਘੁਸਪੈਠ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਰੋਕ ਦਿੱਤਾ ਗਿਆ ਹੈ।’
ਪਿਛਲੇ ਇੱਕ ਹਫ਼ਤੇ ਵਿੱਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਸੀ, ਜਿਸ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ। ਅਧਿਕਾਰੀਆਂ ਮੁਤਾਬਕ 6 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਨੂੰ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ।
ਫੌਜ ਦੇ ਅਧਿਕਾਰੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਲਾਕੇ ਵਿਚ ਕਿੰਨੇ ਹੋਰ ਅੱਤਵਾਦੀ ਮੌਜੂਦ ਹਨ। ਰਿਪੋਰਟਾਂ ਮੁਤਾਬਕ ਸਰਹੱਦ ‘ਤੇ ਅਜੇ ਵੀ ਅਪਰੇਸ਼ਨ ਜਾਰੀ ਹੈ। ਖਰਾਬ ਮੌਸਮ ਦੇ ਬਾਵਜੂਦ ਭਾਰਤੀ ਫੌਜ ਦੇ ਜਵਾਨ ਮਜ਼ਬੂਤੀ ਨਾਲ ਖੜ੍ਹੇ ਹਨ। ਪਿਛਲੇ ਐਤਵਾਰ (14 ਜੁਲਾਈ, 2024) ਨੂੰ ਵੀ, ਕੁਪਵਾੜਾ ਜ਼ਿਲ੍ਹੇ ਵਿੱਚ ਤਿੰਨ ਭਾਰੀ ਹਥਿਆਰਬੰਦ ਅੱਤਵਾਦੀ ਮਾਰੇ ਗਏ ਸਨ।
ਫੌਜ ਅਤੇ ਪੁਲਸ ਦੀ ਟੁਕੜੀ ‘ਤੇ ਗੋਲੀਬਾਰੀ
ਪੁਲਸ ਨੇ ਦੱਸਿਆ ਕਿ ਵੀਰਵਾਰ (18 ਜੁਲਾਈ, 2024) ਨੂੰ ਡੋਡਾ ਦੇ ਕਾਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ‘ਚ ਤੜਕੇ 2 ਵਜੇ ਤਲਾਸ਼ੀ ਮੁਹਿੰਮ ਦੌਰਾਨ ਫੌਜ ਅਤੇ ਪੁਲਸ ਦੀ ਟੁਕੜੀ ‘ਤੇ ਗੋਲੀਬਾਰੀ ਕੀਤੀ ਗਈ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ।
‘ਜਲਦੀ ਹੀ ਮਿਲੇਗੀ ਸਫਲਤਾ’
ਜੰਮੂ-ਕਸ਼ਮੀਰ ਦੇ ਡੋਡਾ ਕਿਸ਼ਤਵਾੜ ਰਾਮਬਨ ਰੇਂਜ ਦੇ ਡੀਆਈਜੀ ਸ਼੍ਰੀਧਰ ਪਾਟਿਲ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੰਗਲੀ ਖੇਤਰ ਵਿੱਚ ਸਾਰੇ ਸੁਰੱਖਿਆ ਬਲਾਂ ਦੇ ਤਾਲਮੇਲ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅੱਤਵਾਦੀਆਂ ਨਾਲ ਸਾਡਾ ਮੁਕਾਬਲਾ ਵੀਰਵਾਰ ਨੂੰ ਵੀ ਜਾਰੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਜਲਦੀ ਹੀ ਕਾਮਯਾਬ ਹੋ ਜਾਵਾਂਗੇ।
ਮੌਸਮ ਮੁਸੀਬਤ ਪੈਦਾ ਕਰ ਰਿਹਾ ਹੈ
ਜੰਮੂ-ਕਸ਼ਮੀਰ ‘ਚ ਸਰਚ ਆਪਰੇਸ਼ਨ ਦੌਰਾਨ ਮੌਸਮ ਸਭ ਤੋਂ ਵੱਡੀ ਸਮੱਸਿਆ ਬਣ ਰਿਹਾ ਹੈ। ਦੱਸਿਆ ਗਿਆ ਕਿ ਬੱਦਲਵਾਈ ਹੈ ਅਤੇ ਪਹਾੜੀ ਖੇਤਰ ਪਲਾਂ ਵਿੱਚ ਧੁੰਦ ਦੀ ਲਪੇਟ ਵਿੱਚ ਆ ਜਾਂਦੇ ਹਨ। ਅਜਿਹੇ ‘ਚ ਸੰਘਣੇ ਜੰਗਲਾਂ ਅਤੇ ਉੱਚੇ ਪਹਾੜਾਂ ਦੇ ਵਿਚਕਾਰ ਫੌਜ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ੌਜ ਦਾ ਜਜ਼ਬਾ ਅਜਿਹਾ ਹੈ ਕਿ ਖ਼ਰਾਬ ਮੌਸਮ ਵਿੱਚ ਵੀ ਜਵਾਨ ਦਹਿਸ਼ਤਗਰਦਾਂ ਦਾ ਮੁਕਾਬਲਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਤਿਵਾਦੀਆਂ ਦਾ ਇਲਾਕੇ ਵਿੱਚੋਂ ਜਲਦੀ ਹੀ ਸਫ਼ਾਇਆ ਕਰ ਦਿੱਤਾ ਜਾਵੇਗਾ।