ਸੈਫ ਅਲੀ ਖਾਨ ‘ਤੇ ਹਮਲਾ: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਬੁੱਧਵਾਰ ਦੇਰ ਰਾਤ ਅਣਪਛਾਤੇ ਹਮਲਾਵਰ ਨੇ ਉਨ੍ਹਾਂ ਦੇ ਘਰ ‘ਚ ਹਮਲਾ ਕਰ ਦਿੱਤਾ। ਹਮਲੇ ‘ਚ ਸੈਫ ਅਲੀ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਘਟਨਾ ਨੇ ਪੂਰੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਸੈਫ ਅਲੀ ਖਾਨ ਦੀਆਂ ਦੋ ਸਰਜਰੀਆਂ ਹੋਈਆਂ ਹਨ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਫਿਲਹਾਲ ਸੈਫ ਖਤਰੇ ਤੋਂ ਬਾਹਰ ਹੈ।
ਮੁੰਬਈ ਪੁਲਿਸ ਨੇ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਮੁੰਬਈ ਪੁਲਿਸ ਨੇ ਹਮਲੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਬਾਂਦਰਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਮੁੰਬਈ ਪੁਲਿਸ ਦੇ ਡੀਸੀਪੀ ਨੇ ਕਿਹਾ, “ਅਦਾਕਾਰ ਸੈਫ ਅਲੀ ਖਾਨ ਅਤੇ ਇੱਕ ਅਣਪਛਾਤੇ ਵਿਅਕਤੀ ਵਿਚਕਾਰ ਝੜਪ ਹੋ ਗਈ, ਜਿਸ ਵਿੱਚ ਅਦਾਕਾਰ ਜ਼ਖਮੀ ਹੋ ਗਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।”
ਗੁਆਂਢੀ ਦਾ ਬਿਆਨ
ਨਿਊਜ਼ ਚੈਨਲ ਕ੍ਰਾਈਮ ਟਾਕ ਮੁਤਾਬਕ ਸੈਫ ਅਲੀ ਖਾਨ ਦੇ ਗੁਆਂਢੀ ਡੋਮਿਨਿਕ, ਜੋ 1959 ਤੋਂ ਇਸ ਘਰ ‘ਚ ਰਹਿ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਦਾ ਕੋਈ ਪਤਾ ਨਹੀਂ ਸੀ। ਉਸ ਨੇ ਕਿਹਾ, “ਖਤਰਾ ਉਨ੍ਹਾਂ ਨੂੰ ਹੈ ਜਿਨ੍ਹਾਂ ਕੋਲ ਪੈਸਾ ਹੈ।” ਡੋਮਿਨਿਕ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਉਸ ਤੋਂ ਕੋਈ ਵਿਸ਼ੇਸ਼ ਮਦਦ ਨਹੀਂ ਮੰਗੀ ਸੀ, ਸਗੋਂ ਉਹ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਆਏ ਸਨ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਅਣਪਛਾਤਾ ਵਿਅਕਤੀ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ। ਉਹ ਨੌਕਰਾਣੀ ਨਾਲ ਬਹਿਸ ਕਰਨ ਲੱਗਾ। ਜਦੋਂ ਅਦਾਕਾਰ ਨੇ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਸੈਫ ਅਲੀ ਖਾਨ ਦੀਆਂ ਸੱਟਾਂ ਅਤੇ ਡਾਕਟਰੀ ਸਥਿਤੀ
ਲੀਲਾਵਤੀ ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸੈਫ ਅਲੀ ਖਾਨ ਦੀ ਸਰਜਰੀ ਹੋ ਰਹੀ ਹੈ। ਉਸ ਦੀ ਗਰਦਨ ਦੇ ਪਿਛਲੇ ਪਾਸੇ 10 ਸੈਂਟੀਮੀਟਰ ਡੂੰਘਾ ਕੱਟ ਅਤੇ ਖੱਬੇ ਹੱਥ ‘ਤੇ ਸੱਟਾਂ ਲੱਗੀਆਂ। ਡਾਕਟਰਾਂ ਨੂੰ ਸ਼ੱਕ ਹੈ ਕਿ ਕੋਈ ਤਿੱਖੀ ਚੀਜ਼ ਉਸ ਦੀ ਰੀੜ੍ਹ ਦੀ ਹੱਡੀ ਤੱਕ ਪਹੁੰਚ ਗਈ ਹੋ ਸਕਦੀ ਹੈ। ਸੈਫ ਨੂੰ ਰਾਤ 2:30 ਵਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਸੈਫ ਦੀ ਟੀਮ ਦੀ ਪ੍ਰਤੀਕਿਰਿਆ
ਸੈਫ ਅਲੀ ਖਾਨ ਦੀ ਟੀਮ ਨੇ ਕਿਹਾ ਕਿ ਉਸ ਦੀ ਪਿੱਠ ‘ਤੇ ਗੰਭੀਰ ਸੱਟਾਂ ਹਨ ਅਤੇ ਕੁਝ ਲੋਕਾਂ ਨੂੰ ਡਰ ਹੈ ਕਿ ਉਸ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਹੈ। ਉਸ ਦੀ ਮੈਡੀਕਲ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਅਜੇ ਉਡੀਕ ਹੈ।