ਯੂਐਸ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੰਦੀ ਹੈ: ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ (ਖਾਸ ਕਰਕੇ ਭਾਰਤੀ) ਨੂੰ 20 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਵਾਪਸ ਪਰਤਣ ਦੀ ਸਲਾਹ ਦਿੱਤੀ ਹੈ। ਵਿਦਿਆਰਥੀਆਂ ਨੂੰ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਯਾਤਰਾ ਪਾਬੰਦੀਆਂ ਅਤੇ ਐਂਟਰੀ ਪੁਆਇੰਟਾਂ ‘ਤੇ ਸਖ਼ਤ ਜਾਂਚ ਤੋਂ ਬਚਿਆ ਜਾਵੇਗਾ।
ਯੂਨੀਵਰਸਿਟੀਆਂ ਦੀਆਂ ਚਿੰਤਾਵਾਂ ਉਸ ਦੀ ਚੋਣ ਮੁਹਿੰਮ ਦੌਰਾਨ ਟਰੰਪ ਦੇ ਉਸ ਬਿਆਨ ਨਾਲ ਜੁੜੀਆਂ ਹੋਈਆਂ ਹਨ, ਜਿਸ ਵਿਚ ਉਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਭਾਰਤੀ ਵਿਦਿਆਰਥੀਆਂ ਲਈ ਜੋਖਮ ਘੱਟ ਹੈ ਕਿਉਂਕਿ ਉਨ੍ਹਾਂ ਕੋਲ ਵੈਧ ਵੀਜ਼ਾ ਹਨ, ਯੂਨੀਵਰਸਿਟੀਆਂ ਨੇ ਅਜੇ ਵੀ ਜੋਖਮ ਨਾ ਲੈਣ ਦੀ ਸਲਾਹ ਦਿੱਤੀ ਹੈ।
ਅਕਾਦਮਿਕ ਕੈਲੰਡਰ ਵਿੱਚ ਬਦਲਾਅ
ਇਹ ਚਿੰਤਾ ਅਜਿਹੇ ਸਮੇਂ ਵਿੱਚ ਵਧੀ ਹੈ ਜਦੋਂ ਭਾਰਤ ਨੇ ਅਮਰੀਕਾ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। 2023 ਤੋਂ 2024 ਦਰਮਿਆਨ 3.3 ਲੱਖ ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਆਏ ਹਨ, ਜਦਕਿ ਚੀਨ ਤੋਂ ਸਿਰਫ਼ 2.7 ਲੱਖ ਵਿਦਿਆਰਥੀ ਹੀ ਆਏ ਹਨ।
ਕੁਝ ਸੰਸਥਾਵਾਂ ਨੇ ਆਪਣੇ ਅਕਾਦਮਿਕ ਕੈਲੰਡਰ ਨੂੰ ਵੀ ਐਡਜਸਟ ਕੀਤਾ ਹੈ ਤਾਂ ਜੋ ਵਿਦਿਆਰਥੀ ਸਮੇਂ ਸਿਰ ਵਾਪਸ ਆ ਸਕਣ। ਓਰੇਗਨ ਵਿੱਚ ਵਿਲੇਮੇਟ ਯੂਨੀਵਰਸਿਟੀ ਵਿੱਚ ਡੇਟਾ ਸਾਇੰਸ ਦੇ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਨੇ ਕਿਹਾ ਕਿ ਉਸ ਦੀਆਂ ਕਲਾਸਾਂ ਆਮ ਤੌਰ ‘ਤੇ ਨਵੇਂ ਸਾਲ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ, ਪਰ ਇਸ ਵਾਰ ਉਹ 2 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ।
ਹਵਾਈ ਅੱਡਿਆਂ ‘ਤੇ ਸਖ਼ਤ ਚੈਕਿੰਗ ਦਾ ਡਰ
ਯੇਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਇੱਕ ਵੱਖਰੇ ਸੈਸ਼ਨ ਦਾ ਆਯੋਜਨ ਕੀਤਾ। ਇਕ ਵਿਦਿਆਰਥੀ ਨੇ ਕਿਹਾ ਕਿ ਇਹ ਸਿਰਫ ਹਵਾਈ ਅੱਡਿਆਂ ‘ਤੇ ਸੰਭਾਵਿਤ ਸਮੱਸਿਆਵਾਂ ਜਾਂ ਫਲਾਈਟਾਂ ਦੀ ਬੁਕਿੰਗ ਵਿਚ ਮੁਸ਼ਕਲ ਤੋਂ ਬਚਣ ਲਈ ਕੀਤਾ ਗਿਆ ਸੀ।
ਯੂਨੀਵਰਸਿਟੀ ਆਫ ਮੈਸੇਚਿਉਸੇਟਸ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਆਪਣੀ ਵਾਪਸੀ ਦੀ ਤਰੀਕ ਮੁਲਤਵੀ ਕਰਨੀ ਪਈ, ਜਿਸ ਕਾਰਨ ਉਸ ਨੂੰ ਕਰੀਬ ਪੈਂਤੀ ਹਜ਼ਾਰ ਰੁਪਏ ਦੀ ਵਾਧੂ ਰਕਮ ਖਰਚ ਕਰਨੀ ਪਈ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਸੁਰੱਖਿਆ ਜਾਂਚ ਸਖ਼ਤ ਹੋ ਸਕਦੀ ਹੈ ਅਤੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਆਫ ਮੈਸੇਚਿਉਸੇਟਸ ਦੇ ਗਲੋਬਲ ਅਫੇਅਰਜ਼ ਆਫਿਸ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਇਹ ਸਲਾਹ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ ਦਿੱਤੀ ਗਈ ਹੈ, ਕਿਉਂਕਿ 2016 ਵਿੱਚ ਟਰੰਪ ਪ੍ਰਸ਼ਾਸਨ ਦੇ ਦੌਰਾਨ ਯਾਤਰਾ ਪਾਬੰਦੀਆਂ ਦਾ ਅਨੁਭਵ ਕੀਤਾ ਗਿਆ ਸੀ।
ਹੋਰ ਯੂਨੀਵਰਸਿਟੀਆਂ ਜਿਵੇਂ ਕਿ ਮੈਮਫ਼ਿਸ ਯੂਨੀਵਰਸਿਟੀ ਅਤੇ ਵੇਸਲੇਅਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਅਜਿਹੀ ਸਲਾਹ ਦਿੱਤੀ ਗਈ ਹੈ। ਇੱਕ ਪ੍ਰੋਫੈਸਰ ਨੇ ਕਿਹਾ ਕਿ ਇਹ ਵਿਦਿਆਰਥੀਆਂ ਜਾਂ ਯੂਨੀਵਰਸਿਟੀ ਲਈ ਕਿਸੇ ਵੀ ਮੁਸੀਬਤ ਤੋਂ ਬਚਣ ਦਾ ਇੱਕ ਤਰੀਕਾ ਹੈ।
ਵਿਦਿਆਰਥੀਆਂ ਵਿੱਚ ਅਨਿਸ਼ਚਿਤਤਾ
ਯੂਨੀਵਰਸਿਟੀ ਆਫ ਮੈਮਫਿਸ ਦੇ ਪ੍ਰੋਵੋਸਟ ਬਾਲਾਜੀ ਕੇ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ‘ਤੇ ਕਿਹਾ ਕਿ ਵਿਦਿਆਰਥੀ ਇਮੀਗ੍ਰੇਸ਼ਨ ਨੀਤੀਆਂ ‘ਚ ਸੰਭਾਵਿਤ ਬਦਲਾਅ ਨੂੰ ਲੈ ਕੇ ਚਿੰਤਤ ਹਨ। “ਅਸੀਂ ਵਿਦਿਆਰਥੀਆਂ ਨੂੰ ਭਰੋਸਾ ਦੇ ਰਹੇ ਹਾਂ ਕਿ ਉਨ੍ਹਾਂ ਕੋਲ ਵੈਧ ਦਸਤਾਵੇਜ਼ ਹਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਯੂਨੀਵਰਸਿਟੀ ਉਨ੍ਹਾਂ ਦਾ ਸਮਰਥਨ ਕਰੇਗੀ,” ਉਸਨੇ ਕਿਹਾ।
ਇਹ ਵੀ ਪੜ੍ਹੋ: