G7 ਸਿਖਰ ਸੰਮੇਲਨ: G7 ਸੰਮੇਲਨ ਦੇ ਦੂਜੇ ਦਿਨ ਦੁਨੀਆ ਦੇ 7 ਵੱਡੇ ਦੇਸ਼ਾਂ ਨੇ ਚੀਨ ਖਿਲਾਫ ਵੱਡਾ ਫੈਸਲਾ ਲਿਆ ਹੈ। ਚੀਨ ਦੀਆਂ ਕੋਝੀਆਂ ਚਾਲਾਂ ਦਾ ਪਰਦਾਫਾਸ਼ ਕਰਦਿਆਂ ਦੋ ਮਤੇ ਪਾਸ ਕੀਤੇ ਗਏ ਹਨ। ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਜਾਪਾਨ, ਇਟਲੀ ਅਤੇ ਕੈਨੇਡਾ ਸਮੇਤ ਜੀ-7 ਨੇਤਾਵਾਂ ਨੇ ਵੀ ਚੀਨੀ ਸੰਸਥਾਵਾਂ ਦੇ ਖਿਲਾਫ ਪਾਬੰਦੀਆਂ ਲਗਾਉਣ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਨੇ ਰੂਸ ਨੂੰ ਪਾਬੰਦੀਆਂ ਤੋਂ ਬਚਣ ਅਤੇ ਧੋਖੇ ਨਾਲ ਤੇਲ ਦੀ ਢੋਆ-ਢੁਆਈ ਕਰਨ ਵਿੱਚ ਮਦਦ ਕੀਤੀ ਹੈ।
ਜੀ-7 ਦੇਸ਼ਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਹੈ ਕਿ ਉਨ੍ਹਾਂ ਚੀਨੀ ਕੰਪਨੀਆਂ ‘ਤੇ ਸਖਤ ਪਾਬੰਦੀਆਂ ਲਗਾਈਆਂ ਜਾਣਗੀਆਂ ਜਿਨ੍ਹਾਂ ਨੇ ਯੂਕਰੇਨ ਦੇ ਖਿਲਾਫ ਰੂਸ ਦੀ ਮਦਦ ਕੀਤੀ ਹੈ। G7 ਦੇਸ਼ ਖਾਸ ਤੌਰ ‘ਤੇ ਚੀਨ ਦੇ ਉਨ੍ਹਾਂ ਅਦਾਰਿਆਂ ਖਿਲਾਫ ਵੱਡੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਯੂਕਰੇਨ ਦੇ ਖਿਲਾਫ ਰੂਸ ਨੂੰ ਹਥਿਆਰਾਂ ਦੀ ਸਪਲਾਈ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਜੀ-7 ਨੇਤਾਵਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਯੂਕਰੇਨ ਦੇ ਖਿਲਾਫ ਰੂਸ ਦੀ ਮਦਦ ਕਰਨ ਵਾਲੇ ਤੀਜੇ ਦੇਸ਼ਾਂ ਦੀਆਂ ਸੰਸਥਾਵਾਂ ਅਤੇ ਵਿਅਕਤੀਆਂ ‘ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ। ਅਜਿਹੇ ਲੋਕਾਂ ‘ਤੇ G7 ਦੇਸ਼ਾਂ ਦੀ ਵਿੱਤੀ ਪ੍ਰਣਾਲੀ ਤੋਂ ਪਾਬੰਦੀ ਲਗਾਈ ਜਾਵੇਗੀ।
ਚੀਨ ਰਾਹੀਂ ਰੂਸ ਨੂੰ ਝਟਕਾ
ਜੀ-7 ਦੇਸ਼ਾਂ ਨੇ ਵੀ ਚੀਨ ਦੀਆਂ ਗਲਤ ਵਪਾਰਕ ਗਤੀਵਿਧੀਆਂ ਖਿਲਾਫ ਕਾਰਵਾਈ ਕਰਨ ਦਾ ਸੰਕਲਪ ਲਿਆ ਹੈ। ਇਸ ਦੌਰਾਨ ਚੀਨ ਨਾਲ ਵਪਾਰ ਘਾਟੇ ਨੂੰ ਘੱਟ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਚੀਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਬਰਾਮਦ ਕੰਟਰੋਲ ਰਾਹੀਂ ਸਪਲਾਈ ਨੂੰ ਪ੍ਰਭਾਵਿਤ ਕਰਨ ਤੋਂ ਗੁਰੇਜ਼ ਕਰੇ। ਜੀ 7 ਦੇਸ਼ਾਂ ਨੇ ਚਿਪਸ ਅਤੇ ਇਲੈਕਟ੍ਰੋਨਿਕਸ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਖਣਿਜਾਂ ‘ਤੇ ਇਕਪਾਸੜ ਨਿਰਯਾਤ ਪਾਬੰਦੀਆਂ ਨੂੰ ਅਣਉਚਿਤ ਕਰਾਰ ਦਿੱਤਾ ਹੈ। ਜੀ-7 ਦੇਸ਼ਾਂ ਨੇ ਆਪਣੇ ਕਾਰੋਬਾਰਾਂ ਨੂੰ ਚੀਨ ਦੀਆਂ ਕੋਝੀਆਂ ਚਾਲਾਂ ਤੋਂ ਬਚਾਉਣ ਅਤੇ ਚੀਨ ਨਾਲ ਵਪਾਰਕ ਸੰਤੁਲਨ ਬਣਾਏ ਰੱਖਣ ਦੀ ਗੱਲ ਕੀਤੀ ਹੈ।
ਪੀਐਮ ਮੋਦੀ ਵੀ ਜੀ-7 ਵਿੱਚ ਸ਼ਾਮਲ ਹੋਏ
ਇਸ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਹਨ। ਪੱਛਮੀ ਤਾਕਤਾਂ ਸ਼ੁਰੂ ਤੋਂ ਹੀ ਰੂਸ ਦੇ ਵਿਰੁੱਧ ਰਹੀਆਂ ਹਨ। ਅਜਿਹੇ ‘ਚ ਚੀਨ ਦੇ ਜ਼ਰੀਏ ਰੂਸ ਨੂੰ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਮੇਲਨ ‘ਚ ਰੂਸ-ਯੂਕਰੇਨ ਯੁੱਧ ਅਤੇ ਇਜ਼ਰਾਇਲ-ਹਮਾਸ ਯੁੱਧ ‘ਤੇ ਵਿਆਪਕ ਚਰਚਾ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ।
ਇਹ ਵੀ ਪੜ੍ਹੋ: Giorgio Meloni Namaste: ਮੇਲੋਨੀ ਦੇ ‘ਨਮਸਤੇ ਵੀਡੀਓ’ ਦੀ ਪਾਕਿਸਤਾਨ ‘ਚ ਚਰਚਾ ਸ਼ੁਰੂ, ਪਾਕਿਸਤਾਨੀ ਨੌਜਵਾਨ ਨੇ ਕੀ ਕਿਹਾ? ਤੁਸੀਂ ਵੀ ਸੁਣੋ